Surjit Paatar

(14 January 1945 - / Patarh Kalan, Jalandhar district, British Punjab / India)

Dhukhda Jungle - Poem by Surjit Paatar

ਧੁਖ਼ਦਾ ਜੰਗਲ…

ਸ਼ੂਕ ਰਹੇ ਜੰਗਲ ਨੂੰ ਕੀਕਣ ਚੁੱਪ ਕਰਾਵਾਂ ਮੈਂ |
‘ਕੱਲੇ ‘ਕੱਲੇ ਰੁੱਖ ਨੂੰ ਜਾ ਕੇ ਕੀ ਸਮਝਾਵਾਂ ਮੈਂ |

ਜੰਗਲ ਜਿਹੜਾ ਹਰ ਮੌਸਮ ਦੇ ਕਹਿਰ ਨਾਲ ਲੜਦਾ ਸੀ |
ਜੰਗਲ ਜਿਹੜਾ ਹਰ ਆਫ਼ਤ ਦੇ ਰਾਹ ਵਿਚ ਅੜਦਾ ਸੀ |
ਜੰਗਲ ਜਿਸ ‘ਚੋਂ ਹਰ ਕੋਈ ਅਪਣੀ ਪੌੜੀ ਘੜਦਾ ਸੀ |
ਜੰਗਲ ਜਿਹੜਾ ਬਾਲਣ ਬਣ ਕੇ ਘਰ ਘਰ ਸੜਦਾ ਸੀ |

ਉਸ ਵਿਚ ਫ਼ੈਲੀ ਅੱਗ ਤਾਂ ਕਿਸ ਦੇ ਜ਼ਿੰਮੇ ਲਾਵਾਂ ਮੈਂ |

ਉਹ ਜੰਗਲ ਜੋ ਖ਼ੁਸ਼ਬੋਆਂ ਦਾ ਢੋਆ ਵੰਡਦਾ ਸੀ |
ਉਹ ਜੰਗਲ ਜੋ ਫੁੱਲਾਂ ਦੇ ਸੰਗ ਹਰ ਰੁੱਤ ਰੰਗਦਾ ਸੀ |
ਉਹ ਜੰਗਲ ਜੋ ਸਿਰ ‘ਤੇ ਕਲਗੀ ਕੋਂਪਲ ਟੰਗਦਾ ਸੀ |
ਮੰਗਦਾ ਸੀ ਤਾਂ ਕੇਵਲ ਅਪਣਾ ਪਾਣੀ ਮੰਗਦਾ ਸੀ |

ਅੱਗ ਦੀ ਵਾਛੜ ਨੂੰ ਪਾਣੀ ਕਿੰਜ ਬਣਾਵਾਂ ਮੈਂ |

ਜਦ ਜੰਗਲ ਨੇ ਸ਼ਹਿਰ ਤੇਰੇ ਦੀਆਂ ਜੇਲ੍ਹਾਂ ਭਰੀਆਂ ਸਨ |
ਤਦ ਜੰਗਲ ਤੋਂ ਮਹਿਲ ਤੇਰੇ ਦੀਆਂ ਕੰਧਾਂ ਡਰੀਆਂ ਸਨ |
ਤੂੰ ਜੰਗਲ ਨੂੰ ਕੋਲ ਬਿਠਾ ਫਿਰ ਗੱਲਾਂ ਕਰੀਆਂ ਸਨ |
ਕੌਣ ਸੀ ਜਿਸਦੀਆਂ ਗੱਲਾਂ ਕਸਵੱਟੀ ਤੋਂ ਡਰੀਆਂ ਸਨ |

ਜੋ ਕਸਵੱਟੀਓਂ ਡਰੀਆਂ ਖ਼ਰੀਆਂ ਕਿਉਂ ਮੰਨ ਜਾਵਾ ਮੈਂ |

ਮੰਨਿਆਂ ਮੈਂ ਜੰਗਲ ਹਾਂ ਵਸਦਾ ਵਿਚ ਜਹਾਲਤ ਦੇ |
ਤੈਨੂੰ ਮਾਣ ਬਹੁਤ ਨੇ ਤਰਕ ਦਲੀਲ ਵਕਾਲਤ ਦੇ |
ਮੈਂ ਜਿਸ ਦੇ ਕਾਬਲ ਹਾਂ ਮੈਨੂੰ ਓਹੀ ਜ਼ਲਾਲਤ ਦੇ |
ਜੰਗਲ ਕਹਿੰਦਾ ਮਸਲਾ ਲੈ ਚਲ ਵਿਚ ਅਦਾਲਤ ਦੇ |

ਇਹ ਵੀ ਨਾ-ਮਨਜ਼ੂਰ ਤਾਂ ਕਿਹੜਾ ਦਰ ਖੜਕਾਵਾਂ ਮੈਂ |

ਤੇਰੀ ਚੁੱਪ ਨੇ ਜੰਗਲਾਂ ਨੂੰ ਉਹ ਤਲਖ਼ ਫਿਜ਼ਾ ਦਿੱਤੀ |
ਜੰਗਲ ਵਿਚੋਂ ਕੰਡਿਆਂ ਦੀ ਇਕ ਝਿੜੀ ਉਗਾ ਦਿੱਤੀ |
ਕੰਡੇ ਕੰਡੇ ਕਹਿ ਕੇ ਤੂੰ ਫਿਰ ਰੌਲੀ ਪਾ ਦਿੱਤੀ |
ਕੁਝ ਕੰਡਿਆਂ ਵਿਚ ਕੁਲ ਜੰਗਲ ਦੀ ਗੱਲ ਉਲਝਾ ਦਿੱਤੀ |

ਜੇ ਤੂੰ ਖੁਦ ਉਲਝਾਉਣੀ ਚਾਹਵੇਂ ਕਿੰਜ ਸੁਲਝਾਵਾਂ ਮੈਂ |

ਤੈਨੂੰ ਤਾਂ ਜੰਗਲ ਦੀ ਗੱਲ ਉਲਝਾਉਣ ‘ਚ ਫਾਇਦਾ ਸੀ |
ਜੰਗਲ ਦੇ ਵਿਚ ਕੰਡੇ ਹੋਰ ਉਗਾਉਣ ‘ਚ ਫਾਇਦਾ ਸੀ |
ਇਸ ਜੰਗਲ ਨੂੰ ਜੰਗਲ ਹੋਰ ਬਣਾਉਣ ‘ਚ ਫਾਇਦਾ ਸੀ |
ਤੇ ਫਿਰ ਉਚੇ ਚੜ੍ਹ ਕੇ ਰੌਲਾ ਪਾਉਣ ‘ਚ ਫਾਇਦਾ ਸੀ |

ਦੇਖੋ ਦੇਖੋ ਇਕ ਭਿਆਨਕ ਵਣ ਦਿਖਲਾਵਾਂ ਮੈਂ |

ਹੋਰ ਕੋਈ ਜਦ ਰਾਹ ਜੰਗਲ ਨੂੰ ਰਾਸ ਨਾ ਆਇਆ ਸੀ |
ਕੁਝ ਰੁੱਖਾਂ ਨੇ ਜਿਸ ਦਹਿਸ਼ਤ ਦਾ ਰਾਹ ਅਪਣਾਇਆ ਸੀ |
ਤੇ ਜਿਸਦਾ ਜੰਗਲ ਨੂੰ ਮਿਹਣਾ ਮੁੜ ਮੁੜ ਆਇਆ ਸੀ |
ਇਉਂ ਤੂੰ ਆਪੇ ਹੀ ਉਸ ਰਾਹ ਨੂੰ ਪੀਰ ਬਣਾਇਆ ਸੀ |

ਤੂੰ ਕਿਉਂ ਗੁੱਸੇ ਹੁਣ ਜਦ ਓਹੀ ਪੀਰ ਧਿਆਵਾਂ ਮੈਂ |

ਉਹ ਜੋ ਇਸ ਜੰਗਲ ਦੇ ਪਹਿਰੇਦਾਰ ਕਹਾਉਂਦੇ ਸਨ |
ਉਹ ਸ਼ਾਇਦ ਇਸ ਰਸਤੇ ਨੂੰ ਬਦਲਾਉਣਾ ਚਾਹੁੰਦੇ ਸਨ |
ਡਰਦੇ ਸਨ ਬੇਚਾਰੇ ਡਰਦੇ ਹੱਥ ਨਾ ਪਾਉਂਦੇ ਸਨ |
ਉਹ ਗੱਲ ਵੱਖਰੀ ਨਿਰਭਇਤਾ ਦੇ ਸ਼ਬਦ ਸਿਖਾਉਂਦੇ ਸਨ |

ਸਬਕ ਉਨ੍ਹਾਂ ਦੇ ਉਨ੍ਹਾਂ ਅੱਗੇ ਕੀ ਦੁਹਰਾਵਾਂ ਮੈਂ |

ਇਸ ਮਨ ਚਾਹੀ ਸਿਖਰ ਤੇ ਜਦ ਤੂੰ ਖੇਲ੍ਹ ਪੁਚਾ ਦਿੱਤਾ |
ਦਹਿਸ਼ਤ ਤਾਈਂ ਸਾਰੇ ਜੰਗਲ ਦੇ ਸਿਰ ਪਾ ਦਿੱਤਾ |
ਅੱਧੇ ਜੰਗਲ ਨੂੰ ਅੱਧੇ ਦੇ ਨਾਲ ਲੜਾ ਦਿੱਤਾ |
ਫਿਰ ਤੋਪਾਂ ਦਾ ਮੂੰਹ ਜੰਗਲ ਦੇ ਵੱਲ ਭੁਆ ਦਿੱਤਾ |

ਤੋਪਾਂ ਅੱਗੇ ਕਿੰਜ ਅਮਨ ਦਾ ਗੀਤ ਸੁਣਾਵਾਂ ਮੈਂ |

ਵੱਡਾ ਜੰਗਲ ਇਸ ਛੋਟੇ ਨੂੰ ਵੇਖਣ ਆਇਆ ਏ |
ਇਸ ਧੁਖ਼ਦੇ ਨੂੰ ਧੂਣੀ ਵਾਂਗੂੰ ਸੇਕਣ ਆਇਆ ਏ |
” ਖੋਫ਼ਨਾਕ ” ਦਾ ਇਸ ਨੂੰ ਦੇਣ ਵਿਸ਼ੇਸ਼ਣ ਆਇਆ ਏ |
ਤੇਰੀ ਵਡਿਆਈ ਨੂੰ ਮੱਥਾ ਟੇਕਣ ਆਇਆ ਏ |

ਜੰਗਲ ਨੂੰ ਜੰਗ ਦਾ ਮਹਿਰਮ ਕਿੰਜ ਬਣਾਵਾਂ ਮੈਂ |

ਬੂਟਾ ਬੂਟਾ ਇਸ ਜੰਗਲ ਵਿਚ ਰਲ ਵੀ ਸਕਦਾ ਹੈ |
ਇਹ ਜੰਗਲ ਜੋ ਧੁਖ਼ਦਾ ਹੈ ਇਹ ਬਲ ਵੀ ਸਕਦਾ ਹੈ |
ਬਲਦਾ ਬਲਦਾ ਮਹਿਲਾਂ ਵੱਲ ਨੂੰ ਚਲ ਵੀ ਸਕਦਾ ਹੈ |
ਹਾਂ ਸ਼ਾਇਦ ਇਹ ਸਭ ਕੁਝ ਹੋਣੋਂ ਟਲ ਵੀ ਸਕਦਾ ਹੈ |

ਐਪਰ ਕਿੱਥੋਂ ਲੈ ਆਵਾਂ ਘਨਘੋਰ ਘਟਾਵਾਂ ਮੈਂ |

ਸ਼ੂਕ ਰਹੇ ਜੰਗਲ ਨੂੰ ਕੀਕਣ ਚੁੱਪ ਕਰਾਵਾਂ ਮੈਂ |
‘ਕੱਲੇ ‘ਕੱਲੇ ਰੁੱਖ ਨੂੰ ਜਾ ਕੇ ਕੀ ਸਮਝਾਵਾਂ ਮੈਂ |


Comments about Dhukhda Jungle by Surjit Paatar

There is no comment submitted by members..



Read this poem in other languages

This poem has not been translated into any other language yet.

I would like to translate this poem »

word flags

What do you think this poem is about?



Poem Submitted: Monday, September 24, 2012

Poem Edited: Monday, September 24, 2012


Famous Poems

  1. Still I Rise
    Maya Angelou
  2. The Road Not Taken
    Robert Frost
  3. If You Forget Me
    Pablo Neruda
  4. Dreams
    Langston Hughes
  5. Annabel Lee
    Edgar Allan Poe
  6. If
    Rudyard Kipling
  7. Stopping By Woods On A Snowy Evening
    Robert Frost
  8. Do Not Stand At My Grave And Weep
    Mary Elizabeth Frye
  9. I Do Not Love You Except Because I Love You
    Pablo Neruda
  10. Television
    Roald Dahl
[Report Error]