Written by- Mandeep khanpuri ਪੁਰਾਣੇ ਸਮੇਂ ਦੀਆਂ ਗੱਲਾਂ
ਆਵੇ ਯਾਦ ਪੁਰਾਣੇ ਹੱਲੇ ਦੀ,
ਕੂਲਰਾਂ ਦੀ ਥਾਂ ਝੱਲੇ ਦੀ।
ਦਾਦੀ ਦੀਆਂ ਮਿੱਠੀਆਂ ਬਾਤਾਂ ਸੀ,
ਖੁੱਲ੍ਹੇ ਅਸਮਾਨ ਦੀ ਛਾਂ ਥੱਲੇ ਰਾਤਾਂ ਸੀ।
ਵੇਹੜੇ ਖੁੱਲ੍ਹੇ ਖੁੱਲ੍ਹੇ ਸੀ, ਅੱਗ ਸੇਕਣ ਨੂੰ ਚੁੱਲ੍ਹੇ ਸੀ।
ਕੰਮ ਸ਼ਗਨਾਂ ਦੇ ਵੇਲੇ ਇਕੱਠ ਸੀ,
ਘੋੜੀਆਂ ਸਿੱਠਣੀਆਂ ਤੇ ਸਿਆਣਿਆਂ ਦੀ ਮੱਤ ਸੀ।
ਹੁਣ ਨਾ ਉਹ ਦਿਨ ਰਹੇ ਨਾ ਰਾਤਾਂ,
ਨਾ ਦਾਦੀ ਦੀਆਂ ਬਾਤਾਂ।
ਨਾ ਚੇਹਕਦੇ ਵੇਹੜੇ ਚਿੜੀਆਂ ਘੁੱਗੀਆਂ ਨਾਲ,
ਨਾ ਧੁੱਪੇ ਵਹਿ ਕੇ ਕੋਈ ਸੇਕੇ ਸਿਆਲ।
ਚਿੱਠੀਆਂ ਦੀ ਥਾਂ ਫੋਨਾਂ ਤੇ ਹੁੰਦੀਆਂ ਗੱਲਾਂ,
ਕੋਈ ਨਾ ਕੁੜੀ ਦੀ ਡੋਲੀ ਮਗਰ ਕਰੇ ਪੱਲਾ।
ਰੰਗ ਦੁਨੀਆ ਦੇ ਹੋਰ ਤੋਂ ਹੋਰ ਹੋ ਗਏ,
ਰਿਸ਼ਤੇ ਨਾਤੇ ਦਿਲੋਂ ਕਮਜ਼ੋਰ ਹੋ ਗਏ।
ਪੈਂਦਾ ਐ ਭੁਲੇਖਾ ਮੈਨੂੰ ਕੱਚਿਆਂ ਵਿਹੜਿਆਂ ਦਾ,
ਸੱਥ ਚ ਬੈਠੇ ਵੱਡੇ ਵਡੇਰਿਆਂ ਦਾ।
ਕਿੱਕਲੀ ਪਾਉਂਦੀਆਂ ਨੱਚਦੀਆਂ ਮੁਟਿਆਰਾਂ ਦਾ,
ਵਿਆਹ ਵਿੱਚ ਢੋਲੀ ਦੇ ਡਗੇ ਤੇ ਤਾਲਾਂ ਦਾ।
ਖੇਤਾਂ ਵਿਚ ਵਗਦੇ ਹੋਏ ਪਾਣੀ ਦੀਆਂ ਛੱਲਾਂ ਦਾ,
ਪੈਂਦਾ ਐ ਭੁਲੇਖਾ ਮੈਨੂੰ ਕੱਚਿਆਂ ਵਿਹੜਿਆਂ ਦਾ।
ਰਾਹ ਵਿਚ ਖੇਡਦੇ ਨਿੱਕੜੇ ਲਾਲਾਂ ਦਾ,
ਰਿਬਨ ਰੰਗ ਬਿਰੰਗੇ ਗੁੰਦੇ ਵਾਲਾਂ ਦਾ।
ਅਸਮਾਨੀ ਪਈ ਸਤਰੰਗੀ ਪੀਂਘਾਂ ਦਾ,
ਜੰਗਲ ਵਿੱਚ ਨੱਠਦੇ ਬਾਰਾਂ ਸਿੰਗਾ ਦਾ।
ਕੋਠੇ ਉੱਤੇ ਉੱਡ ਦੀਆਂ ਘੁੱਗੀਆਂ ਗਟਾਰਾਂ ਦਾ,
ਚਰਖੇ, ਮਧਾਣੀਆਂ ਤੇ ਮੱਝਾਂ ਦੀਆਂ ਧਾਰਾਂ ਦਾ ॥
ਲੇਖਕ -ਮਨਦੀਪ ਖਾਨਪੁਰੀ
ਖਾਨਪੁਰ ਸਹੋਤਾ ਹੁਸ਼ਿਆਰਪੁਰ
9779179060
This poem has not been translated into any other language yet.
I would like to translate this poem